ਹਿੰਦੀ ਫ਼ਿਲਮ 'ਭੁਵਨ ਸ਼ੋਮ' ਨੇ ਦਰਸ਼ਕਾਂ ਤੇ ਛੱਡੀ ਅਮਿੱਟ ਛਾਪ

ਜਲੰਧਰ : ਲੰਘੇ ਐਤਵਾਰ 23 ਮਾਰਚ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਿਰਦੇਸ਼ਕ ਮਿਰਨਾਲ ਸੇਨ ਦੀ ਹਿੰਦੀ ਫ਼ਿਲਮ ‘ਭੁਵਨ ਸ਼ੋਮ’ ਦਿਖਾਈ ਗਈ। ਭੁਵਨ ਸ਼ੋਮ ਇਕ ਅਜਿਹੇ ਅਸੂਲਪ੍ਰਸਤ ਨੌਕਰਸ਼ਾਹ ਦੀ ਕਹਾਣੀ ਨੂੰ ਪੇਸ਼ ਕਰਦੀ ਹੈ ਜੋ ਆਪਣੇ ਆਪ ਨੂੰ ਦਫ਼ਤਰ ਤੱਕ ਹੀ ਸੀਮਤ ਕਰ ਲੈਂਦਾ ਹੈ। ਆਪਣੀ ਜ਼ਿੰਦਗੀ ਨੂੰ ਨਵੀਂ ਤਾਜ਼ਗੀ ਦੇਣ ਲਈ ਉਹ ਦਿਹਾਤ ਵਿਚ ਸ਼ਿਕਾਰ ਕਰਨ ਨਿਕੱਲਦਾ ਹੈ ਜਿੱਥੇ ਉਸ ਦੀ ਮੁਲਾਕਾਤ ਇੱਕ ਮਾਸੂਮ ਕੁੜੀ ਨਾਲ਼ ਹੁੰਦੀ ਹੈ। ਬਾਅਦ ਵਿਚ ਉਸ ਨੂੰ ਪਤਾ ਲਗਦਾ ਹੈ ਕਿ ਉਸ ਕੁੜੀ ਉਸ ਟਿਕਟ ਬਾਬੂ ਨਾਲ਼ ਵਿਆਹੀ ਹੋਈ ਹੈ ਜਿਸ ਦੇ ਭ੍ਰਿਸ਼ਟਾਚਾਰ ਦੀ ਉਹ ਤਹੀਕਾਤ ਕਰ ਰਿਹਾ ਹੈ। ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿੱਥੇ ਸੰਸਥਾ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਫ਼ਿਲਮ ਨਾਲ਼ ਜੁੜੀਆਂ ਰੌਚਕ ਗੱਲਾਂ ਦੱਸੀਆਂ ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਸਰਵੋਤਮ ਸਿਨਮੈਟੋਗ੍ਰਾਫ਼ੀ ਤੋਂ ਇਲਾਵਾ ਆਵਾਜ਼ ਅਤੇ ਸੰਗੀਤ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭੁਵਨ ਸ਼ੋਮ ਜਿਹੇ ਬਹੁਪਰਤੀ ਕਿਰਦਾਰ ਨੂੰ ਸਿਰਫ਼ ਉੱਤਪਲ ਦੱਤ ਜਿਹਾ ਕਲਾਕਾਰ ਹੀ ਸਕਾਰ ਕਰ ਸਕਦਾ ਸੀ।
ਜਿਕਰਯੋਗ ਹੈ ਕਿ ਆਪਣੀ ਨਵੇਕਲੀ ਪਛਾਣ ਬਣਾ ਚੁੱਕੀ ਸੰਸਥਾ ਦਿ ਪੀਪਲਜ਼ ਵਾਇਸ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਪਿਛਲੇ ਕਈ ਸਾਲਾਂ ਤੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਇਕ ਫ਼ਿਲਮ ਸ਼ੋਅ ਕੀਤਾ ਜਾਂਦਾ ਹੈ ਜਿਸ ਵਿਚ ਫ਼ਿਲਮ ਦਾ ਪਰਦਰਸ਼ਨ ਅਤੇ ਉਸ ਤੇ ਵਿਚਾਰ ਚਰਚਾ ਵੀ ਕਰਵਾਈ ਜਾਂਦੀ ਹੈ।