Image

(ਸ਼ਹੀਦ ਭਗਤ ਸਿੰਘ ਦੀ ਇਹ ਫੋਟੋ ਦੀ ਕਾਪੀ ਮਿਲਖਾ ਸਿੰਘ ਪੰਡੋਰੀ ਨਿੱਜਰਾਂ ਨੇ ਆਦਮਪੁਰ ਦੇ ਬੱਸੇ ਅੱਡੇ  ‘ਤੇ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਵੀਰ ਸਿੰਘ ਨੂੰ ਦਿੱਤੀ ਸੀ। ਇਸ ਫੋਟੋ ਬਾਰੇ ਤਰ੍ਹ੍ਰਾਂ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਰਹੇ ਹਨ। ਇਹ ਵਿਵਾਦ ਪੰਜਾਬੀ ਦੇ ਚੋਟੀ ਦੇ ਰਸਾਲੇ  ‘ਹੁਣ’ ਵਿਚ ਪ੍ਰਸਿਧ ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸੰਧੂ ਵਲੋਂ ਸੰਨ 2010 ਵਿਚ ਖੜ੍ਹਾ ਕੀਤਾ ਗਿਆ ਸੀ। ਜਿਸ ਨੂੰ ਦਿੱਤਾ ਗਿਆ ਜੁਆਬ, ਜਿਹੜਾ ‘ਹੁਣ’ ਦੇ ਅਗਲੇ ਅੰਕ ਵਿਚ ਛਪਿਆ, ਤੋਂ ਬਾਅਦ ਗੁਲਜ਼ਾਰ ਸਿੰਘ ਸੰਧੂ ਨੇ ਅਸਿੱਧੇ ਤੌਰ ਪਿਛਲਮੋੜਾ ਲੈ ਲਿਆ।)  

 

ਸ਼ਹੀਦ ਭਗਤ ਸਿੰਘ ਦੀ ਫੋਟੋ ਦਾ ਭੁਲੇਖਾ 
ਸ੍ਰੀ ਗੁਲਜ਼ਾਰ ਸਿੰਘ ਸੰਧੂ ਨੇ ਆਪਣੀ ਮੁਲਾਕਾਤ ਵਿਚ ਭਗਤ ਸਿੰਘ ਦੀ ਫੋਟੋ ਬਾਰੇ ਸ੍ਰੀ ਗੋਪਾਲ ਸਿੰਘ ਨੌਸ਼ਹਿਰਾ ਪੰਨੂਆਂ, ਡੀ.ਐੱਸ.ਪੀ, ਸੀ.ਆਈ.ਡੀ. ਬਾਰੇ ਖੜ੍ਹਾ ਕੀਤਾ ਦੇਸ਼ਭਗਤੀ ਦਾ ਕੇਸ ਤੱਥਾਂ ਦੀ ਬਜਾਏ ਭਾਵਨਾਵਾਂ ਤੇ ਜਿਆਦਾ ਅਧਾਰਤ ਹੈ। ਨਤੀਜੇ ਵਜੋਂ ਕਾਮਰੇਡ ਮਿਲਖਾ ਸਿੰਘ (ਗੁਲਜ਼ਾਰ ਸਿੰਘ ਸੰਧੂ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ) ਦੀ ਤਸਵੀਰ ਇੱਕ ਅਜਿਹੇ ਵਿਅਕਤੀ ਉੱਭਰਦੀ ਹੈ ਜੋ ਮਾਨਤਾ ਦਾ ਭੁੱਖਾ ਹੋਵੇ।
ਇਥੇ ਮਿਲਖਾ ਸਿੰਘ ਨਿੱਝਰ ਦੀ ਸ਼ਖਸੀਅਤ ਬਾਰੇ ਜਾਣਨਾ ਵੀ ਜਰੂਰੀ ਹੈ। ਮਿਲਖਾ ਸਿੰਘ ਨਿੱਝਰ ਬਚਪਨ ਤੋਂ ਹੀ ਕੌਮੀ ਮੁਕਤੀ ਦੀ ਲਹਿਰ ਵਿਚ ਸ਼ਾਮਲ ਰਹੇ ਸਨ। 1922-23 ਦੌਰਾਨ 14 ਸਾਲਾਂ ਦੀ ਉਮਰ ਵਿਚ ਗੁਰੂ ਕਾ ਬਾਗ ਮੋਰਚੇ ਅਤੇ ਮੁੜ 1923-26 ਦੌਰਾਨ ਬੱਬਰ ਅਕਾਲੀ ਲਹਿਰ ਵਿਚ ਸ਼ਮੂਲੀਅਤ ਕਾਰਣ ਜੇਲ੍ਹ ਵਿਚ ਬੰਦ ਰਹੇ ਸਨ। 1927 ਵਿਚ ਉਹ ਲਾਹੌਰ ਦੀ ਰੇਲਵੇ ਸਟੇਸ਼ਨ ਨੇੜਲੀ ਹਵਾਲਾਤ ਵਿਚ ਸ਼ਹੀਦ ਭਗਤ ਸਿੰਘ ਦੇ ਨਾਲ ਦੀ ਹਵਾਲਾਤ ਵਿਚ ਬੰਦ ਰਹੇ ਸਨ। 1927-32 ਦੌਰਾਨ ਉਹ ਬੱਬਰ ਕੇਸ ਸਮੇਤ ਹੋਰਨਾ ਕੇਸਾਂ ਦੇ ਵਕੀਲ ਲਾਲਾ ਰਘੂਨਾਥ ਸਹਾਏ ਦੇ ਮੁਣਸ਼ੀ ਰਹੇ ਸਨ, ਜੋ ਸਾਂਡਰਸ ਕੇਸ ਨਾਲ ਸੰਬੰਧਤ ਵਕੀਲ ਮੰਡਲੀ ਚੋਂ ਇਕ ਸੀ। 1932 ਵਿਚ ਮੁਣਸ਼ੀਪੁਣਾ ਛੱਡ ਪਿੰਡ ਪਰਤਣ ਤੇ ਉਹ ਬੱਬਰ ਅਕਾਲੀ ਕੇਸ ਦਾ ਮੁਕੰਮਲ ਰਿਕਾਰਡ ਵੀ ਨਾਲ ਲੈ ਆਏ ਸਨ। 1947 ਵਿਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਜਦ ਬਹੁਤ ਸਾਰੇ ਮੌਕਾਪ੍ਰਸਤ ਤਰ੍ਹਾਂ ਤਰ੍ਹਾਂ ਦੇ ਨਿੱਜੀ ਫਾਇਦੇ ਉਠਾਉਣ ਦੀਆਂ ਜੁਗਤਾਂ ਲਗਾ ਰਹੇ ਸਨ, ਤਾਂ ਅੰਗਰੇਜ਼ਾਂ ਦੇ ਪਿੱਠਊਆਂ ਦੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਦੇ ਰੋਸ ਵਜੋਂ 1951 ਵਿਚ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ ਸੀ।  
ਬੱਬਰ ਲਹਿਰ ਨੂੰ ਇਤਿਹਾਸ ਵਿਚ ਬਣਦੀ ਥਾਂ ਦੁਆਉਣ ਲਈ ਮਿਲਖਾ ਸਿੰਘ ਨਿੱਝਰ ਨੇ ਬੱਬਰ ਲਹਿਰ ਦੇ ਬੇਸ਼ਕੀਮਤੀ ਦਸਤਾਵੇਜ਼ਾਂ ਨੂੰ ਕਾਮਰੇਡ ਸੋਹਣ ਸਿੰਘ ਜੋਸ਼ ਦੇ ਹਵਾਲੇ ਕਰ ਦਿੱਤਾ ਸੀ। ਪਰ ਬਾਅਦ ਵਿਚ ਰੁਝੇਵਿਆਂ ਕਾਰਣ ਕਾਮਰੇਡ ਸੋਹਣ ਸਿੰਘ ਕੋਲ ਸਮਾਂ ਨਾ ਹੋਣ ਕਾਰਣ ਉਨ੍ਹਾਂ ਨੇ ਮਿਲਖਾ ਸਿੰਘ ਨਿੱਝਰ ਨੂੰ ਇਹੀ ਇਤਿਹਾਸ ਲਿਖਣ ਨੂੰ ਕਿਹਾ ਜੋ ਬਾਅਦ ਵਿਚ ਉਨ੍ਹਾਂ ਦੀ ਵੱਡ ਅਕਾਰੀ ਰਚਨਾ ”ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਦੇ ਰੂਪ ਵਿਚ ਸਾਹਮਣੇ ਆਇਆ ਜਿਸ ਨੂੰ 1986 ਵਿਚ ਪਹਿਲੀ ਵਾਰ ਨਵਯੁਗ ਪਬਵਿਸ਼ਰਜ਼, ਨਵੀਂ ਦਿੱਲੀ  ਵਲੋਂ ਛਾਪਿਆ ਗਿਆ ਸੀ ਅਤੇ ਜਿਸ ਦੇ ਹੁਣ ਤੱਕ ਕਈ ਐਡੀਸ਼ਨ ਛਪ ਚੁੱਕੇ ਹਨ।     
20 ਦਿਸੰਬਰ, 2009 ਦੇ ‘ਨਵਾਂ ਜ਼ਮਾਨਾ, ਐਤਵਾਰਤਾ’, ਵਿਚ ਵਾਸਦੇਵ ਸਿੰਘ ਪਰਹਾਰ ਦੇ ਲੇਖ ”ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲਿਆਂ ਦਾ ਪਿੰਡ, ਪੰਡੋਰੀ ਨਿੱਝਰਾਂ” ਵਿਚ ਵੀ ਮਿਲਖਾ ਸਿੰਘ ਨਿੱਝਰ ਦੇ ਸ਼ਖਸੀਅਤ ਦੇ ਕਈ ਹੋਰ ਵੀ ਪੱਖ ਉੱਭਰ ਦੇ ਸਾਹਮਣੇ ਆਉਂਦੇ ਹਨ।  
ਇਤਿਹਾਸ ਵਲ ਮਿਲਖਾ ਸਿੰਘ ਨਿੱਝਰ ਦੀ ਪਹੁੰਚ ਸੰਬੰਧੀ ”ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਗੁਰਬਚਨ ਸਿੰਘ ਭੁੱਲਰ ਦੇ ਸੰਪਾਦਕੀ ਸ਼ਬਦਾਂ ਵਿਚ ਮਿਲਖਾ ਸਿੰਘ ਨਿੱਝਰ ਸੰਬੰਧੀ ਇਹ ਸ਼ਬਦ ਦਰਜ਼ ਹਨ –   
 ”ਯੋਧਿਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਭੇਂਟ ਕੀਤੇ ਗਏ ਖ਼ੂਨ ਦੀ ਇਕ ਇਕ ਬੂੰਦ ਨੂੰ ਉਹ ਬਹੁਤ ਪਵਿੱਤਰ ਮੰਨਦੇ ਸਨ। … ਤੇ ਏਸੇ ਪਵਿੱਤਰਤਾ ਨਾਲ ਉਹ ਇਤਿਹਾਸ ਨੂੰ ਲੈਂਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਇਹਦੇ ਵਿਚ ਕੋਈ ਖੋਟ ਰਲਾਉਣਾ ਬੱਬਰ ਯੋਧਿਆਂ ਨਾਲ ਪਾਪ ਕਮਾਉਣਾ ਹੋਵੇਗਾ। ”    
ਇਸੇ ਕਿਤਾਬ ਵਿਚ ‘ਬੱਬਰ ਇਤਿਹਾਸ ਲਿਖੇ ਜਾਣ ਦਾ ਇਤਿਹਾਸ’ ਵਿਚ ਮਿਲਖਾ ਸਿੰਘ ਨਿੱਝਰ ਲਿਖਦੇ ਹਨ,
”ਤੱਥਾਂ ਅਤੇ ਵੇਰਵਿਆਂ ਦੀ ਪੜਤਾਲ ਲਈ ਸਾਰਾ ਰਿਕਾਰਡ ਮੇਰੇ ਕੋਲ ਹੈ …. ਇਹ ਮੇਰੀ ਵਸੀਅਤ ਸਮਝੀ ਜਾਵੇ ਕਿ ਮੇਰਾ ਪਰਿਵਾਰ ਪੁਸ਼ਤ-ਦਰ-ਪੁਸ਼ਤ ਇਸ ਰਿਕਾਰਡ ਨੂੰ ਵਡਮੁੱਲਾ ਸਰਮਾਇਆ ਸਮਝ ਕੇ ਸੰਭਾਲ ਕੇ ਰੱਖੇ ਅਤੇ ਜੋ ਵੀ ਕੋਈ ਵਿਦਵਾਨ ਇਹਨੂੰ ਘੋਖਣਾ ਚਾਹੇ, ਉਹਨੂੰ … ਅਜਿਹਾ ਕਰਨਾ ਦਾ ਮੌਕਾ ਦੇਵੇ।”
ਮਿਲਖਾ ਸਿੰਘ ਨਿੱਝਰ ਨੇ ਇਸ ਤਸਵੀਰ ਸੰਬੰਧੀ ਆਪਣਾ ਪੱਖ ‘ਆਰਸੀ’ ਦੇ ਅਪ੍ਰੈਲ, 1980 ਦੇ ਅੰਕ ਵਿਚ ਪੇਸ਼ ਕੀਤਾ ਸੀ।  ਆਪਣੀ ਕਿਤਾਬ ”ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਵਿਚ ਵੀ ਉਨ੍ਹਾਂ ਨੇ ਇਸ ਵਿਸ਼ੇ ਨੂੰ ਛੋਹਿਆ ਹੈ।   ਇਸੇ ਸੰਬੰਧ ਵਿਚ ”ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ”, ਜਿਸ ਦਾ ਪਹਿਲਾਂ ਐਡੀਸ਼ਨ ਰੈਡੀਕਲ ਪ੍ਰਕਾਸ਼ਨ, ਮੋਗਾ ਵਲੋਂ 1985 ਵਿਚ ਅਤੇ ਜਿਸ ਦਾ ਸੋਧਿਆ ਹੋਇਆ ਐਡੀਸ਼ਨ 2000 ਵਿਚ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪਿਆ ਗਿਆ ਸੀ, ਵਿਚ ਛਪੇ ਲੇਖ ‘ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ ?’ ਸਿਰਲੇਖ ਵਾਲੇ ਲੇਖ ਵਿਚ ਸ਼ਹੀਦ ਭਗਤ ਸਿੰਘ ਖੋਜ ਕਮੇਟੀ ਦੇ ਜਰਨਲ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਅਨੁਸਾਰ, ”ਅਸਲੀ ਤਸਵੀਰ ਸ੍ਰੀ ਮਿਲਖਾ ਸਿੰਘ ਨਿੱਜਰ ਕੋਲ ਹੈ ਜੋ ਉਹ ਪੁਲਿਸ ਰਿਕਾਰਡ ਚੋਂ ਚੋਰੀ ਕਰ ਕੇ ਲਿਆਏ ਸਨ ਅਤੇ 1949 ਵਿਚ ਇਸ ਨੂੰ ਕੁਲਵੀਰ ਸਿੰਘ ਨੂੰ ਦਿੱਤਾ ਸੀ।”
ਗੁਰਬਚਨ ਸਿੰਘ ਭੁੱਲਰ ਦੇ ਲੇਖ ”ਵਾਰਤਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੀ” ਵਿਚ ਮਿਲਖਾ ਸਿੰਘ ਨਿੱਝਰ ਵਲੋਂ ਇਸ ਤਸਵੀਰ ਨੂੰ 1930 ਵਿਚ ਪੁਲਿਸ ਰਿਕਾਰਡ ਚੋਂ ਸਮਗਲ ਕਰਕੇ ਬਾਹਰ ਲਿਆਉਣ ਅਤੇ ਇਸ ਨੂੰ ਕੁਲਵੀਰ ਸਿੰਘ ਤੱਕ ਪੁਜਦਾ ਕਰਨ ਸੰਬੰਧੀ ਵਿਸਥਾਰ ਨਾਲ ਦਰਜ ਹੈ। ਇਸੇ ਲੇਖ ਵਿਚ ਉਪਰੋਕਤ ਤੱਥਾਂ ਦੀ ਤਸਦੀਕ ਕੁਲਵੀਰ ਸਿੰਘ ਇਨ੍ਹਾਂ ਸ਼ਬਦਾਂ ਨਾਲ ਕੀਤੀ ਗਈ ਹੈ, ”ਹਾਂ, ਇਹ ਤਸਵੀਰ ਸਾਨੂੰ ਮਿਲਖਾ ਸਿੰਘ ਨਿੱਝਰ ਤੋਂ ਹੀ ਪ੍ਰਾਪਤ ਹੋਈ ਸੀ।”  
ਦੂਜੇ ਪਾਸੇ ਗੁਲਜ਼ਾਰ ਸਿੰਘ ਸੰਧੂ ਜੀ ਇਸ ਗੱਲ ਨੂੰ ਮੰਨਦੇ ਹਨ ਕਿ ‘ਤਸਵੀਰ ਦੀਆਂ ਕਈ ਕਾਪੀਆਂ” ਮੌਜੂਦ ਸਨ ਅਤੇ ਸ੍ਰੀ ਗੋਪਾਲ ਸਿੰਘ ਨੌਸ਼ਹਿਰਾ ਪੰਨੂਆਂ ਵਾਲੀ ਤਸਵੀਰ 1952 ਤੱਕ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਮੌਜੂਦ ਸੀ।  ਪਰ ਫਿਰ ਵੀ ਉਹ ‘ਈਮਾਨਦਾਰ ਪੁਲਿਸ ਅਫ਼ਸਰ ਵਾਲੀ ਕਹਾਣੀ’ ਤੇ ਯਕੀਨ ਕਰਨ ਨੂੰ ਕਹਿੰਦੇ ਹਨ ਅਤੇ ਇਹ ਸੰਭਾਵਨਾ ਜਾਹਰ ਕਰਦੇ ਹਨ ਕਿ ”ਇਹ ਅਫ਼ਸਰ ਬਾਪੂ ਜੀ ਗੋਪਾਲ ਸਿੰਘ ਹੀ ਹੋ ਸਕਦੇ ਸਨ।”
ਮਿਲਖਾ ਸਿੰਘ ਨਿੱਝਰ ਜਿਹੀ ਸ਼ਖਸੀਅਤ ਦਾ ਅਜਿਹਾ ਝੂਠਾ ਦਾਅਵਾ ਕਰਨ ਦਾ ਕੋਈ ਅਧਾਰ ਨਹੀਂ ਬਣਦਾ, ਉਹ ਵੀ ਤਦ ਜਦ ਤੱਥਾਂ ਦੀ ਪੜਤਾਲ ਹੋ ਸਕਦੀ ਹੋਵੇ। ਇਥੇ ਇਹ ਜਿਕਰਯੋਗ ਹੈ ਕਿ ਮਿਲਖਾ ਸਿੰਘ ਨਿੱਝਰ ਨੇ ਇਹ ਦਾਅਵਾ 1980 ਦੇ ਕਰੀਬ ਕੀਤਾ ਸੀ ਅਤੇ ਕੁਲਵੀਰ ਸਿੰਘ ਇਸ ਤੋਂ ਬਾਅਦ ਵੀ ਕਾਫੀ ਸਮਾਂ ਜਿਉਂਦੇ ਰਹੇ ਸਨ।  
ਇਸ ਦੇ ਉਲਟ ਗੁਲਜ਼ਾਰ ਸਿੰਘ ਸੰਧੂ ਆਪਣਾ ਦਾਅਵਾ ਉਸ ਵੇਲੇ ਕਰ ਰਹੇ ਹਨ ਨਾ ਤਾਂ ਕੁਲਤਾਰ ਸਿੰਘ ਜਾਂ ਕੁਲਵੀਰ ਸਿੰਘ ਅਤੇ ਨਾ ਹੀ ਮਿਲਖਾ ਸਿੰਘ ਨਿੱਝਰ ਜਿਉਂਦੇ ਹਨ।
ਮਿਲਖਾ ਸਿੰਘ ਨਿੱਝਰ ਸ਼ਹੀਦ ਭਗਤ ਸਿੰਘ ਦੀ ਤਸਵੀਰ ਸੰਬੰਧੀ ਦਾਅਵਾ ਕੌਮੀ ਮੁਕਤੀ ਲਹਿਰ ਵਿਚ ਉਨ੍ਹਾਂ ਦੀਆਂ ਸਮੁੱਚੀਆਂ ਕੁਰਬਾਨੀਆਂ ਦਾ ‘ਪਾਸਕੂ’ ਵੀ ਨਹੀਂ ਬਣਦਾ, ਜਦ ਕਿ ਗੁਲਜ਼ਾਰ ਸਿੰਘ ਸੰਧੂ ਦੇ ਦਾਅਵੇ ਦੇ ਕਾਰਣ ਉਨ੍ਹਾਂ ਦੇ ਪੁਰਖੇ ਸ੍ਰੀ ਗੋਪਾਲ ਸਿੰਘ ਨੌਸ਼ਹਿਰਾ ਪੰਨੂਆਂ ਦੀ ਹੈਸੀਅਤ ਅੰਗਰੇਜ਼ ਰਾਜ ਦੇ ਪੁਰਜ਼ੇ ਤੋਂ ਇਕ ਦੇਸ਼ਭਗਤ ਦੀ ਬਣ ਜਾਂਦੀ ਹੈ। 
ਹਾਂ ਫੋਟੋ ਬਾਰੇ ਸਭ ਤੋਂ ਵੱਡਾ ਭੁਲੇਖਾ ਕੁਝ ਅਖੌਤੀ ਸਿੱਖ ਬੁੱਧੀਜੀਵੀ ਇਸ ਫੋਟੋ ਦੇ ਅੱਧੇ ਹਿੱਸੇ ਨੂੰ ‘ਫਾਂਸੀ ਤੋਂ ਕੁਝ ਮਿੰਟ ਪਹਿਲਾਂ ਦਿੱਲੀ ਦੇ ਸ਼ਾਮ ਲਾਲ ਦੁਆਰਾ ਖਿੱਚੀ ਫੋਟੋ’ ਵਜੋਂ ਛਾਪ ਕੇ ਸ਼ਹੀਦ ਭਗਤ ਸਿੰਘ ਦੇ ਸਿੰਘ ਸਜ ਜਾਣ ਵਜੋਂ ਪਾਉਂਦੇ ਰਹੇ ਹਨ।   

*************

– ਕੁਲਵਿੰਦਰ     

Advertisements